ਸਵਾਲ ਅਤੇ ਸਹਾਇਤਾ
ਆਉਣ ਵਾਲੀਆਂ ਤਬਦੀਲੀਆਂ ਬਾਰੇ ਆਮ ਸਵਾਲਾਂ ਦੇ ਜਵਾਬ
ਆਉਣ ਵਾਲੀਆਂ ਤਬਦੀਲੀਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਤੁਹਾਡੀ ਮਦਦ ਲਈ ਅਸੀਂ ਹਾਜ਼ਰ ਹਾਂ।
Medi-Cal ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਸਮਝਣਾ ਔਖਾ ਹੋ ਸਕਦਾ ਹੈ। ਕਵਰੇਜ਼ ਇਜ਼ ਕੇਅਰ (COVERAGE IS CARE) ਸਪੱਸ਼ਟ ਜਾਣਕਾਰੀ ਲੱਭਣਾ, ਇਹ ਸਮਝਣਾ ਕਿ ਕਿਹੜੀਆਂ ਤਬਦੀਲੀਆਂ ਦਾ ਤੁਹਾਡੇ ’ਤੇ ਅਸਰ ਪੈ ਸਕਦਾ ਹੈ, ਅਤੇ ਭਰੋਸੇਯੋਗ ਸਰੋਤਾਂ ਨਾਲ ਜੁੜਨਾ ਆਸਾਨ ਬਣਾਉਣ ਲਈ ਹਾਜ਼ਰ ਹੈ। ਹੇਠਾਂ ਤੁਹਾਨੂੰ Medi-Cal ਵਿੱਚ ਹੋਣ ਵਾਲੀਆਂ ਆਗਾਮੀ ਤਬਦੀਲੀਆਂ ਬਾਰੇ ਆਮ ਸਵਾਲਾਂ ਦੇ ਜਵਾਬ ਮਿਲਣਗੇ। ਕਿਉਂਕਿ ਰਾਜ ਅਤੇ ਸੰਘੀ ਪੱਧਰ ’ਤੇ ਦਿਸ਼ਾ-ਨਿਰਦੇਸ਼ਾਂ ਵਿੱਚ ਲਗਾਤਾਰ ਬਦਲਾਅ ਹੋ ਰਹੇ ਹਨ, ਇਸ ਲਈ ਨਵੀਂ ਜਾਣਕਾਰੀ ਉਪਲਬਧ ਹੋਣ ’ਤੇ ਅਸੀਂ ਇਸ ਪੰਨੇ ਨੂੰ ਅੱਪਡੇਟ ਕਰਦੇ ਰਹਾਂਗੇ।
ਤਬਦੀਲੀਆਂ ਨੂੰ ਸਮਝਣਾ
2025 ਵਿੱਚ ਪਾਸ ਕੀਤੇ ਗਏ ਇੱਕ ਸੰਘੀ ਕਾਨੂੰਨ ਨੇ Medicaid ਵਿੱਚ ਕਈ ਤਬਦੀਲੀਆਂ ਕੀਤੀਆਂ ਹਨ। ਕੈਲੀਫੋਰਨੀਆ ਵਿੱਚ ਇਹ ਜਨਤਕ ਸਿਹਤ ਬੀਮਾ ਪ੍ਰੋਗਰਾਮ Medi-Cal ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਕਾਨੂੰਨ ਵਿੱਚ ਨਵੀਆਂ ਲੋੜਾਂ ਸ਼ਾਮਲ ਹਨ, ਜੋ ਦੇਸ਼ ਭਰ ਦੇ Medicaid ਪ੍ਰੋਗਰਾਮਾਂ ਵਿੱਚ ਯੋਗਤਾ, ਨਵੀਨੀਕਰਨ ਅਤੇ ਹੋਰ ਪਹਿਲੂਆਂ ਨੂੰ ਪ੍ਰਭਾਵਿਤ ਕਰਦੀਆਂ ਹਨ। ਕੈਲੀਫੋਰਨੀਆ ਹੁਣ Medi-Cal ਰਾਹੀਂ ਇਨ੍ਹਾਂ ਸੰਘੀ ਲੋੜਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਤਬਦੀਲੀਆਂ 2027 ਵਿੱਚ ਲਾਗੂ ਹੋਣੀਆਂ ਸ਼ੁਰੂ ਹੋਣਗੀਆਂ, ਹਾਲਾਂਕਿ ਕੁਝ ਤਬਦੀਲੀਆਂ ਇਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਲਾਗੂ ਹੋਣਗੀਆਂ।
H.R. 1 ਇੱਕ ਸੰਘੀ ਬਜਟ ਸਮਾਯੋਜਨ ਬਿੱਲ ਸੀ, ਜਿਸ ਨੂੰ ਕਾਂਗਰਸ ਨੇ ਪਾਸ ਕੀਤਾ ਅਤੇ 2025 ਵਿੱਚ ਕਾਨੂੰਨ ਵਜੋਂ ਦਸਤਖ਼ਤ ਕਰਕੇ ਲਾਗੂ ਕੀਤਾ ਗਿਆ। ਇਸਨੂੰ ਕਈ ਵਾਰ ਵਨ ਬਿਗ ਬਿਊਟੀਫੁਲ ਬਿੱਲ ਐਕਟ (One Big Beautiful Bill Act) ਵੀ ਕਿਹਾ ਜਾਂਦਾ ਹੈ।
ਇਹ ਕਾਨੂੰਨ ਕਈ ਸੰਘੀ ਪ੍ਰੋਗਰਾਮਾਂ ਵਿੱਚ ਤਬਦੀਲੀਆਂ ਕਰਦਾ ਹੈ, ਜਿਨ੍ਹਾਂ ਵਿੱਚ Medicaid ਵੀ ਸ਼ਾਮਲ ਹੈ। ਕਿਉਂਕਿ Medi-Cal ਕੈਲੀਫੋਰਨੀਆ ਦਾ Medicaid ਪ੍ਰੋਗਰਾਮ ਹੈ, ਇਸ ਲਈ ਇਨ੍ਹਾਂ ਵਿੱਚੋਂ ਕੁਝ ਸੰਘੀ ਤਬਦੀਲੀਆਂ ਦਾ ਅਸਰ Medi-Cal ਦੇ ਮੈਂਬਰਾਂ ਅਤੇ ਬਿਨੈਕਾਰਾਂ ’ਤੇ ਪਵੇਗਾ।
ਕਵਰੇਜ਼ ਇਜ਼ ਕੇਅਰ (COVERAGE IS CARE) ਦਾ ਉਦੇਸ਼ ਤੁਹਾਨੂੰ ਉਨ੍ਹਾਂ ਤਬਦੀਲੀਆਂ ਨੂੰ ਸਮਝਣ ਵਿੱਚ ਮਦਦ ਕਰਨਾ ਹੈ, ਜੋ ਤੁਹਾਡੇ ਸਿਹਤ ਬੀਮਾ ਕਵਰੇਜ ’ਤੇ ਅਸਰ ਪਾ ਸਕਦੀਆਂ ਹਨ, ਅਤੇ ਇਹ ਜਾਣਨ ਵਿੱਚ ਮਦਦ ਕਰਨਾ ਹੈ ਕਿ ਤੁਸੀਂ ਇਨ੍ਹਾਂ ਲਈ ਤਿਆਰੀ ਕਰਨ ਵਾਸਤੇ ਕੀ ਕਰ ਸਕਦੇ ਹੋ।
ਇਹ ਸਾਰੀਆਂ ਤਬਦੀਲੀਆਂ ਇੱਕੋ ਸਮੇਂ ਲਾਗੂ ਨਹੀਂ ਹੋਣਗੀਆਂ।
ਕੁਝ ਤਬਦੀਲੀਆਂ 2026 ਵਿੱਚ ਲਾਗੂ ਹੋਣੀਆਂ ਸ਼ੁਰੂ ਹੋਣਗੀਆਂ, ਜਦਕਿ ਯੋਗਤਾ ਅਤੇ ਨਵੀਨੀਕਰਨ ਸਬੰਧੀ ਕਈ ਮਹੱਤਵਪੂਰਨ ਤਬਦੀਲੀਆਂ 1 ਜਨਵਰੀ, 2027 ਤੋਂ ਲਾਗੂ ਹੋਣ ਦੀ ਉਮੀਦ ਹੈ। ਹੋਰ ਉਪਬੰਧ ਬਾਅਦ ਵਿੱਚ ਲਾਗੂ ਕੀਤੇ ਜਾਣਗੇ।
ਕਿਉਂਕਿ ਹੋਰ ਦਿਸ਼ਾ-ਨਿਰਦੇਸ਼ ਉਪਲਬਧ ਹੋਣ ’ਤੇ ਤਰੀਕਾਂ ਅਤੇ ਲਾਗੂ ਕਰਨ ਸਬੰਧੀ ਵੇਰਵਿਆਂ ਵਿੱਚ ਤਬਦੀਲੀ ਹੋ ਸਕਦੀ ਹੈ, ਇਸ ਲਈ ਅੱਪਡੇਟ ਕੀਤੀ ਜਾਣਕਾਰੀ ਲਈ ਇਸ ਵੈੱਬਸਾਈਟ ਨੂੰ ਨਿਯਮਿਤ ਤੌਰ ’ਤੇ ਵੇਖਦੇ ਰਹੋ।
ਨਹੀਂ। ਇਨ੍ਹਾਂ ਤਬਦੀਲੀਆਂ ਦਾ ਅਸਰ ਹਰ ਵਿਅਕਤੀ ’ਤੇ ਇੱਕੋ ਜਿਹਾ ਨਹੀਂ ਪਵੇਗਾ।
ਕੁਝ ਲੋੜਾਂ Medi-Cal ਦੇ ਮੈਂਬਰਾਂ ਦੇ ਖ਼ਾਸ ਸਮੂਹਾਂ ’ਤੇ ਲਾਗੂ ਹੁੰਦੀਆਂ ਹਨ, ਜੋ ਉਮਰ, ਯੋਗਤਾ ਦੀ ਸ਼੍ਰੇਣੀ, ਇਮੀਗ੍ਰੇਸ਼ਨ ਸਥਿਤੀ ਅਤੇ ਵਿਅਕਤੀਗਤ ਹਾਲਾਤਾਂ ਵਰਗੇ ਕਾਰਕਾਂ ’ਤੇ ਨਿਰਭਰ ਕਰਦੀਆਂ ਹਨ।
ਜੇ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਕੋਈ ਤਬਦੀਲੀ ਤੁਹਾਡੇ ’ਤੇ ਲਾਗੂ ਹੁੰਦੀ ਹੈ ਜਾਂ ਨਹੀਂ, ਤਾਂ ਹੋਰ ਜਾਣਕਾਰੀ ਹਾਸਲ ਕਰਨ ਲਈ ਇਸ ਪੰਨੇ ’ਤੇ ਦਿੱਤੇ ਸਰੋਤਾਂ ਦੀ ਵਰਤੋਂ ਕਰੋ ਜਾਂ ਇਸ ਪੰਨੇ ਦੇ ਹੇਠਾਂ ਦਿੱਤੇ ਫਾਰਮ ਰਾਹੀਂ ਆਪਣਾ ਸਵਾਲ ਭੇਜੋ।
ਕੰਮ ਅਤੇ ਭਾਈਚਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸਬੰਧੀ ਲੋੜਾਂ
2027 ਤੋਂ Medi-Cal ਦੀ ਯੋਗਤਾ ਦੇ ਇੱਕ ਖ਼ਾਸ ਸਮੂਹ ਵਿੱਚ ਸ਼ਾਮਲ 19 ਤੋਂ 64 ਸਾਲ ਦੀ ਉਮਰ ਦੇ ਕੁਝ ਬਾਲਗਾਂ ਲਈ ਕੰਮ ਜਾਂ ਭਾਈਚਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸਬੰਧੀ ਨਵੀਆਂ ਲੋੜਾਂ ਲਾਗੂ ਹੋਣਗੀਆਂ।
ਜਿਨ੍ਹਾਂ ਲੋਕਾਂ ’ਤੇ ਇਹ ਲੋੜ ਲਾਗੂ ਹੁੰਦੀ ਹੈ, ਉਹ ਆਮ ਤੌਰ ’ਤੇ ਯੋਗ ਗਤੀਵਿਧੀਆਂ ਰਾਹੀਂ ਇਸਨੂੰ ਪੂਰਾ ਕਰ ਸਕਦੇ ਹਨ, ਜਿਵੇਂ ਕਿ ਕੰਮ ਕਰਨਾ, ਸਵੈ-ਸੇਵਾ ਕਰਨਾ, ਮਨਜ਼ੂਰਸ਼ੁਦਾ ਕੰਮ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਜਾਂ ਘੱਟੋ-ਘੱਟ ਅੱਧੇ ਸਮੇਂ ਲਈ ਸਕੂਲ ਵਿੱਚ ਪੜ੍ਹਨਾ।
ਹਰ ਕਿਸੇ ਲਈ ਇਹ ਲੋੜਾਂ ਪੂਰੀਆਂ ਕਰਨਾ ਲਾਜ਼ਮੀ ਨਹੀਂ ਹੋਵੇਗਾ। ਕੁਝ ਲੋਕਾਂ ਨੂੰ ਛੋਟ ਲਈ ਯੋਗ ਮੰਨਿਆ ਜਾਵੇਗਾ।
ਨਵੀਂ ਲੋੜ ਦੇ ਅਧੀਨ ਆਉਣ ਵਾਲੇ ਲੋਕਾਂ ਲਈ, ਸੰਘੀ ਕਾਨੂੰਨ ਅਨੁਸਾਰ ਆਮ ਤੌਰ ’ਤੇ ਯੋਗ ਗਤੀਵਿਧੀਆਂ ਵਿੱਚ ਹਰ ਮਹੀਨੇ ਘੱਟੋ-ਘੱਟ 80 ਘੰਟੇ ਲਗਾਉਣਾ ਲਾਜ਼ਮੀ ਹੈ।
ਯੋਗ ਗਤੀਵਿਧੀਆਂ ਵਿੱਚ ਕੰਮ ਕਰਨਾ, ਭਾਈਚਾਰਕ ਸੇਵਾ ਕਰਨਾ, ਮਨਜ਼ੂਰਸ਼ੁਦਾ ਕੰਮ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ, ਸਿੱਖਿਆ ਪ੍ਰਾਪਤ ਕਰਨਾ ਜਾਂ ਯੋਗ ਗਤੀਵਿਧੀਆਂ ਦੇ ਸੁਮੇਲ ਵਿੱਚ ਹਿੱਸਾ ਲੈਣਾ ਸ਼ਾਮਲ ਹੋ ਸਕਦਾ ਹੈ।
ਕੁਝ ਹਾਲਾਤਾਂ ਵਿੱਚ, ਇਹ ਸਾਬਤ ਕਰਨ ਲਈ ਆਮਦਨ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਕਿ ਇਹ ਲੋੜ ਪੂਰੀ ਕੀਤੀ ਗਈ ਹੈ।
ਕਈ ਤਰ੍ਹਾਂ ਦੀਆਂ ਛੋਟਾਂ ਉਪਲਬਧ ਹਨ।
ਵਿਅਕਤੀਗਤ ਹਾਲਾਤਾਂ ਦੇ ਆਧਾਰ ’ਤੇ, ਛੋਟਾਂ ਵਿੱਚ ਕੁਝ ਗੰਭੀਰ ਸਿਹਤ ਸਮੱਸਿਆਵਾਂ ਜਾਂ ਅਪੰਗਤਾਵਾਂ ਵਾਲੇ ਲੋਕ, ਕੁਝ ਮਾਪੇ ਅਤੇ ਦੇਖਭਾਲ ਕਰਨ ਵਾਲੇ ਵਿਅਕਤੀ, ਕੁਝ ਖ਼ਾਸ ਸਾਬਕਾ ਫ਼ੌਜੀ, ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਮਾਨਸਿਕ ਸਿਹਤ ਸਬੰਧੀ ਯੋਗਤਾ ਪੂਰੀ ਕਰਨ ਵਾਲੀਆਂ ਸਮੱਸਿਆਵਾਂ ਵਾਲੇ ਲੋਕ, ਅਮਰੀਕੀ ਮੂਲਵਾਸੀ ਜਾਂ ਅਲਾਸਕਾ ਦੇ ਮੂਲ ਨਿਵਾਸੀ ਵਿਅਕਤੀ ਅਤੇ ਹੋਰ ਲੋਕ ਸ਼ਾਮਲ ਹੋ ਸਕਦੇ ਹਨ।
ਇਹ ਨਿਯਮ ਵਿਸਤ੍ਰਿਤ ਹਨ, ਇਸ ਲਈ ਸਿਰਫ਼ ਇਸ ਸੂਚੀ ਦੇ ਆਧਾਰ ’ਤੇ ਇਹ ਨਾ ਮੰਨੋ ਕਿ ਇਹ ਲੋੜ ਤੁਹਾਡੇ ’ਤੇ ਲਾਗੂ ਹੁੰਦੀ ਹੈ ਜਾਂ ਤੁਹਾਨੂੰ ਇਸ ਤੋਂ ਛੋਟ ਮਿਲੀ ਹੋਈ ਹੈ। ਕੈਲੀਫੋਰਨੀਆ ਵੱਲੋਂ ਨਵੀਆਂ ਲੋੜਾਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਜਾਰੀ ਰਹਿਣ ਦੇ ਨਾਲ, ਛੋਟਾਂ ਬਾਰੇ ਹੋਰ ਜਾਣਕਾਰੀ ਸ਼ਾਮਲ ਕੀਤੀ ਜਾਵੇਗੀ।
ਜੇ ਇਹ ਲੋੜ ਤੁਹਾਡੇ ’ਤੇ ਲਾਗੂ ਹੁੰਦੀ ਹੈ ਅਤੇ ਰਾਜ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦਾ ਕਿ ਤੁਸੀਂ ਇਹ ਲੋੜ ਪੂਰੀ ਕੀਤੀ ਹੈ ਜਾਂ ਤੁਹਾਨੂੰ ਇਸ ਤੋਂ ਛੋਟ ਮਿਲਣ ਦੀ ਯੋਗਤਾ ਹੈ, ਤਾਂ ਤੁਹਾਨੂੰ ਅੱਗੇ ਕੀ ਕਰਨਾ ਹੈ, ਇਸ ਬਾਰੇ ਜਾਣਕਾਰੀ ਮਿਲਣੀ ਚਾਹੀਦੀ ਹੈ।
ਸੰਘੀ ਨਿਯਮਾਂ ਵਿੱਚ ਅਜਿਹੀ ਪ੍ਰਕਿਰਿਆ ਸ਼ਾਮਲ ਹੈ, ਜਿਸ ਰਾਹੀਂ ਯੋਗਤਾ ਰੱਦ ਕਰਨ ਜਾਂ ਖ਼ਤਮ ਕਰਨ ਤੋਂ ਪਹਿਲਾਂ ਲੋਕ ਵਾਧੂ ਜਾਣਕਾਰੀ ਦੇ ਸਕਦੇ ਹਨ।
ਜੇ ਤੁਹਾਨੂੰ ਕੰਮ ਜਾਂ ਭਾਈਚਾਰਕ ਗਤੀਵਿਧੀਆਂ ਵਿੱਚ ਸ਼ਮੂਲੀਅਤ ਸਬੰਧੀ ਲੋੜਾਂ ਬਾਰੇ ਕੋਈ ਨੋਟਿਸ ਮਿਲਦਾ ਹੈ, ਤਾਂ ਇਸਨੂੰ ਧਿਆਨ ਨਾਲ ਪੜ੍ਹੋ ਅਤੇ ਨੋਟਿਸ ਵਿੱਚ ਦਿੱਤੀ ਸਮਾਂ-ਸੀਮਾ ਦੇ ਅੰਦਰ ਜਵਾਬ ਦਿਓ।।
ਨਵੀਨੀਕਰਨ ਅਤੇ ਯੋਗਤਾ
ਕੁਝ ਬਾਲਗਾਂ ਨੂੰ ਅਜਿਹਾ ਕਰਨਾ ਪਵੇਗਾ। 1 ਜਨਵਰੀ, 2027 ਤੋਂ, ਕੈਲੀਫੋਰਨੀਆ ਦੇ Medi-Cal ਨਿਊ ਐਡਲਟ ਗਰੁੱਪ (New Adult Group) ਦੇ ਮੈਂਬਰਾਂ ਦੀ ਯੋਗਤਾ ਦਾ ਨਵੀਨੀਕਰਨ ਆਮ ਤੌਰ ’ਤੇ ਸਾਲ ਵਿੱਚ ਇੱਕ ਵਾਰ ਦੀ ਬਜਾਏ ਹਰ ਛੇ ਮਹੀਨਿਆਂ ਬਾਅਦ ਕੀਤਾ ਜਾਵੇਗਾ।
ਹੋਰ ਸਮੂਹਾਂ—ਜਿਨ੍ਹਾਂ ਵਿੱਚ ਬੱਚੇ, ਗਰਭਵਤੀ ਅਤੇ ਜਣੇਪੇ ਤੋਂ ਬਾਅਦ ਦੀਆਂ ਔਰਤਾਂ, ਬਹੁਤ ਸਾਰੇ ਬਜ਼ੁਰਗ, ਅਪੰਗਤਾਵਾਂ ਵਾਲੇ ਲੋਕ, ਫੋਸਟਰ ਕੇਅਰ ਵਿੱਚ ਰਹਿ ਰਹੇ ਨੌਜਵਾਨ ਅਤੇ 26 ਸਾਲ ਤੋਂ ਘੱਟ ਉਮਰ ਦੇ ਸਾਬਕਾ ਫੋਸਟਰ ਕੇਅਰ ਨੌਜਵਾਨ, ਅਤੇ ਅਮਰੀਕੀ ਮੂਲਵਾਸੀ ਤੇ ਅਲਾਸਕਾ ਦੇ ਮੂਲ ਨਿਵਾਸੀ ਮੈਂਬਰ ਸ਼ਾਮਲ ਹਨ—ਦਾ ਨਵੀਨੀਕਰਨ ਆਮ ਤੌਰ ’ਤੇ ਪਹਿਲਾਂ ਵਾਂਗ ਹਰ ਸਾਲ ਕੀਤਾ ਜਾਂਦਾ ਰਹੇਗਾ।
ਮੈਂ ਆਪਣੇ ਨਵੀਨੀਕਰਨ ਲਈ ਹੁਣ ਕੀ ਤਿਆਰੀ ਕਰ ਸਕਦਾ/ਸਕਦੀ ਹਾਂ?
- ਯਕੀਨੀ ਬਣਾਓ ਕਿ ਤੁਹਾਡਾ ਡਾਕ ਪਤਾ ਮੌਜੂਦਾ ਅਤੇ ਸਹੀ ਹੈ।
- ਆਪਣਾ ਫ਼ੋਨ ਨੰਬਰ ਅਤੇ ਈਮੇਲ ਪਤਾ ਅੱਪਡੇਟ ਰੱਖੋ।
- ਆਪਣੇ Medi-Cal ਕਵਰੇਜ ਬਾਰੇ ਆਉਣ ਵਾਲੀਆਂ ਚਿੱਠੀਆਂ, ਈਮੇਲਾਂ ਜਾਂ ਟੈਕਸਟ ਸੁਨੇਹਿਆਂ ’ਤੇ ਨਜ਼ਰ ਰੱਖੋ।
- ਤੁਹਾਨੂੰ ਮਿਲਣ ਵਾਲੇ ਨੋਟਿਸ ਖੋਲ੍ਹ ਕੇ ਪੜ੍ਹੋ।
- ਜਾਣਕਾਰੀ ਦੇਣ ਲਈ ਕੀਤੀਆਂ ਬੇਨਤੀਆਂ ਦਾ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਜਵਾਬ ਦਿਓ।
ਆਪਣੀ ਜਾਣਕਾਰੀ ਅੱਪਡੇਟ ਰੱਖਣ ਨਾਲ ਇਹ ਯਕੀਨੀ ਬਣਾਉਣ ਵਿੱਚ ਮਦਦ ਮਿਲ ਸਕਦੀ ਹੈ ਕਿ ਤੁਹਾਨੂੰ ਮਹੱਤਵਪੂਰਨ ਨੋਟਿਸ ਸਮੇਂ ਸਿਰ ਮਿਲਣ।
ਜਾਣਕਾਰੀ ਦੇਣ ਲਈ ਕੀਤੀ ਗਈ ਬੇਨਤੀ ਦਾ ਜਵਾਬ ਨਾ ਦੇਣ ਜਾਂ ਨਵੀਨੀਕਰਨ ਲਈ ਲੋੜੀਂਦੇ ਕਦਮ ਪੂਰੇ ਨਾ ਕਰਨ ਕਾਰਨ ਤੁਹਾਡੇ ਸਿਹਤ ਬੀਮਾ ਕਵਰੇਜ ਵਿੱਚ ਰੁਕਾਵਟ ਆ ਸਕਦੀ ਹੈ।
ਜੇ ਤੁਹਾਨੂੰ ਕੋਈ ਨੋਟਿਸ ਮਿਲਿਆ ਹੈ, ਤਾਂ ਜਿੰਨੀ ਜਲਦੀ ਹੋ ਸਕੇ, ਉਸ ਵਿੱਚ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ।
ਜੇ ਤੁਹਾਡਾ Medi-Cal ਕਵਰੇਜ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ, ਤਾਂ ਵੀ ਤੁਹਾਡੇ ਕੋਲ ਕੁਝ ਵਿਕਲਪ ਹੋ ਸਕਦੇ ਹਨ। Medi-Cal ਲਈ ਯੋਗਤਾ, ਅਰਜ਼ੀਆਂ ਅਤੇ ਨਵੀਨੀਕਰਨ ਬਾਰੇ ਜਾਣਕਾਰੀ ਲਈ ਹੇਠਾਂ ਦਿੱਤੇ ਸਰੋਤ ਵੇਖੋ।
ਪਿਛਲੀ ਮਿਆਦ ਦੀ ਕਵਰੇਜ, Medi-Cal ਲਈ ਅਰਜ਼ੀ ਦੇਣ ਵਾਲੇ ਮਹੀਨੇ ਤੋਂ ਪਹਿਲਾਂ ਪ੍ਰਾਪਤ ਕੀਤੀਆਂ ਕੁਝ ਯੋਗ ਸਿਹਤ ਸੰਭਾਲ ਸੇਵਾਵਾਂ ਦੇ ਖ਼ਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰ ਸਕਦੀ ਹੈ। 1 ਜਨਵਰੀ, 2027 ਤੋਂ, ਸੰਘੀ ਕਾਨੂੰਨ ਇਸ ਮਿਆਦ ਨੂੰ ਘਟਾ ਦਿੰਦਾ ਹੈ।
ACA Medi-Cal ਵਿਸਤਾਰ ਸਮੂਹ ਵਿੱਚ ਸ਼ਾਮਲ ਬਾਲਗਾਂ ਲਈ, ਪਿਛਲੀ ਮਿਆਦ ਦੀ ਕਵਰੇਜ ਆਮ ਤੌਰ ’ਤੇ ਅਰਜ਼ੀ ਦੇਣ ਵਾਲੇ ਮਹੀਨੇ ਤੋਂ ਪਹਿਲਾਂ ਦੇ ਇੱਕ ਮਹੀਨੇ ਤੱਕ ਸੀਮਤ ਹੋ ਜਾਵੇਗੀ। Medi-Cal ਲਈ ਯੋਗ ਹੋਣ ਵਾਲੇ ਹੋਰ ਬਹੁਤੇ ਬਿਨੈਕਾਰਾਂ ਲਈ, ਇਹ ਕਵਰੇਜ ਆਮ ਤੌਰ ’ਤੇ ਅਰਜ਼ੀ ਦੇਣ ਵਾਲੇ ਮਹੀਨੇ ਤੋਂ ਪਹਿਲਾਂ ਦੇ ਦੋ ਮਹੀਨਿਆਂ ਤੱਕ ਸੀਮਤ ਹੋ ਜਾਵੇਗੀ।
ਫਿਲਹਾਲ, ਯੋਗ ਬਿਨੈਕਾਰਾਂ ਨੂੰ ਪਿਛਲੀ ਮਿਆਦ ਦੀ ਵੱਧ ਤੋਂ ਵੱਧ ਤਿੰਨ ਮਹੀਨਿਆਂ ਦੀ ਕਵਰੇਜ ਮਿਲ ਸਕਦੀ ਹੈ।
ਇਮੀਗ੍ਰੇਸ਼ਨ ਅਤੇ Medi-Cal
ਹਾਂ। ਸੰਘੀ ਅਤੇ ਕੈਲੀਫੋਰਨੀਆ ਦੀਆਂ ਨੀਤੀਆਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਾ ਅਸਰ ਕੁਝ ਪ੍ਰਵਾਸੀਆਂ ਦੀ ਯੋਗਤਾ ਅਤੇ ਲਾਭਾਂ ’ਤੇ ਪਵੇਗਾ। ਇਸ ਦਾ ਅਸਰ ਇਮੀਗ੍ਰੇਸ਼ਨ ਸਥਿਤੀ, ਉਮਰ ਅਤੇ ਵਿਅਕਤੀਗਤ ਹਾਲਾਤਾਂ ਸਮੇਤ ਕਈ ਕਾਰਕਾਂ ’ਤੇ ਨਿਰਭਰ ਕਰੇਗਾ।। ਕੁਝ ਤਬਦੀਲੀਆਂ 2027 ਤੋਂ ਪਹਿਲਾਂ ਲਾਗੂ ਹੋਣਗੀਆਂ, ਜਦਕਿ ਹੋਰ ਤਬਦੀਲੀਆਂ ਬਾਅਦ ਵਿੱਚ ਲਾਗੂ ਹੋਣਗੀਆਂ।
ਕਿਉਂਕਿ ਇਹ ਨਿਯਮ ਗੁੰਝਲਦਾਰ ਹਨ, ਇਸ ਲਈ ਅਸੀਂ ਸਿਫ਼ਾਰਸ਼ ਕਰਦੇ ਹਾਂ ਕਿ ਤੁਸੀਂ ਇਹ ਸਮਝਣ ਲਈ ਕੈਲੀਫੋਰਨੀਆ ਦੇ ਅਧਿਕਾਰਤ ਸਰੋਤਾਂ ਦੀ ਵਰਤੋਂ ਕਰੋ ਕਿ ਇਹ ਤਬਦੀਲੀਆਂ ਤੁਹਾਡੇ ਜਾਂ ਤੁਹਾਡੇ ਪਰਿਵਾਰ ’ਤੇ ਕਿਵੇਂ ਲਾਗੂ ਹੋ ਸਕਦੀਆਂ ਹਨ।
ਸਿਰਫ਼ ਕਿਸੇ ਅਜਿਹੀ ਚੀਜ਼ ਦੇ ਆਧਾਰ 'ਤੇ ਆਪਣੀ ਕਵਰੇਜ ਨੂੰ ਰੱਦ ਨਾ ਕਰੋ ਜੋ ਤੁਸੀਂ ਸੁਣੀ ਹੈ ਜਾਂ ਆਨਲਾਈਨ ਪੜ੍ਹੀ ਹੈ। ਤਬਦੀਲੀਆਂ ਦਾ ਅਸਰ ਹਰ ਕਿਸੇ ’ਤੇ ਇੱਕੋ ਜਿਹਾ ਨਹੀਂ ਪੈਂਦਾ, ਅਤੇ ਕੁਝ ਲੋਕ Medi-Cal ਜਾਂ ਹੋਰ ਸਿਹਤ ਬੀਮਾ ਕਵਰੇਜ ਲਈ ਯੋਗ ਬਣੇ ਰਹਿ ਸਕਦੇ ਹਨ।
ਆਪਣੇ ਕਵਰੇਜ ਬਾਰੇ ਅਧਿਕਾਰਤ ਨੋਟਿਸਾਂ ’ਤੇ ਨਜ਼ਰ ਰੱਖੋ ਅਤੇ ਇਹ ਸਮਝਣ ਲਈ ਭਰੋਸੇਯੋਗ ਸਰੋਤਾਂ ਦੀ ਵਰਤੋਂ ਕਰੋ ਕਿ ਤੁਹਾਡੀ ਸਥਿਤੀ ’ਤੇ ਕਿਹੜੇ ਨਿਯਮ ਲਾਗੂ ਹੁੰਦੇ ਹਨ।
ਜਾਣਕਾਰੀ ਰੱਖਣਾ
Medi-Cal ਅਤੇ ਆਪਣੀ ਕਾਊਂਟੀ ਵੱਲੋਂ ਭੇਜੇ ਜਾਣ ਵਾਲੇ ਅਧਿਕਾਰਤ ਨੋਟਿਸਾਂ ’ਤੇ ਨਜ਼ਰ ਰੱਖੋ। ਤਬਦੀਲੀ ਦੇ ਆਧਾਰ ’ਤੇ, ਤੁਹਾਨੂੰ ਡਾਕ ਰਾਹੀਂ ਜਾਂ ਸੰਚਾਰ ਦੇ ਹੋਰ ਤਰੀਕਿਆਂ ਰਾਹੀਂ ਜਾਣਕਾਰੀ ਮਿਲ ਸਕਦੀ ਹੈ। ਯਕੀਨੀ ਬਣਾਓ ਕਿ ਤੁਹਾਡੀ ਸੰਪਰਕ ਜਾਣਕਾਰੀ ਅੱਪਡੇਟ ਹੈ, ਤਾਂ ਜੋ ਮਹੱਤਵਪੂਰਨ ਨੋਟਿਸ ਤੁਹਾਡੇ ਤੱਕ ਪਹੁੰਚ ਸਕਣ।
ਕਵਰੇਜ਼ ਇਜ਼ ਕੇਅਰ (Coverage Is Care) ਨਵੀਂ ਜਾਣਕਾਰੀ ਉਪਲਬਧ ਹੋਣ 'ਤੇ ਇਸ ਵੈੱਬਸਾਈਟ ਨੂੰ ਅੱਪਡੇਟ ਕਰਨਾ ਵੀ ਜਾਰੀ ਰੱਖੇਗਾ।
ਜਦੋਂ ਵੀ ਸੰਭਵ ਹੋਵੇ, ਸਰਕਾਰੀ ਏਜੰਸੀਆਂ, ਆਪਣੀ ਕਾਊਂਟੀ, ਆਪਣੇ ਸਿਹਤ ਬੀਮਾ ਪਲਾਨ ਜਾਂ ਭਰੋਸੇਯੋਗ ਸਿਹਤ ਸੰਭਾਲ ਅਤੇ ਭਾਈਚਾਰਕ ਸੰਸਥਾਵਾਂ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਕਰੋ। ਅਜਿਹੇ ਸੁਨੇਹਿਆਂ ਤੋਂ ਸਾਵਧਾਨ ਰਹੋ, ਜਿਨ੍ਹਾਂ ਵਿੱਚ ਪੈਸੇ ਜਾਂ ਨਿੱਜੀ ਜਾਣਕਾਰੀ ਮੰਗੀ ਜਾਂਦੀ ਹੈ ਜਾਂ ਬਿਨਾਂ ਕੋਈ ਕਾਰਨ ਦੱਸੇ ਤੁਰੰਤ ਕਾਰਵਾਈ ਕਰਨ ਲਈ ਕਿਹਾ ਜਾਂਦਾ ਹੈ।
ਜੇ ਤੁਹਾਨੂੰ ਪ੍ਰਾਪਤ ਹੋਈ ਕਿਸੇ ਜਾਣਕਾਰੀ ਬਾਰੇ ਸ਼ੱਕ ਹੈ, ਤਾਂ ਇਸਦੀ ਪੁਸ਼ਟੀ ਕਰਨ ਲਈ ਹੇਠਾਂ ਦਿੱਤੇ ਭਰੋਸੇਯੋਗ ਸਰੋਤਾਂ ਦੀ ਵਰਤੋਂ ਕਰੋ।
ਕੈਲੀਫੋਰਨੀਆ ਦਾ ਸਿਹਤ ਸੰਭਾਲ ਸੇਵਾਵਾਂ ਵਿਭਾਗ (Department of Health Care Services) Medi-Cal ਅਤੇ ਸੰਘੀ ਤਬਦੀਲੀਆਂ ਨੂੰ ਲਾਗੂ ਕਰਨ ਬਾਰੇ ਅਧਿਕਾਰਤ ਜਾਣਕਾਰੀ ਪ੍ਰਦਾਨ ਕਰਦਾ ਹੈ। ਤੁਸੀਂ ਹੇਠਾਂ ਸੂਚੀਬੱਧ ਆਪਣੀ ਕਾਊਂਟੀ ਅਤੇ ਸਰਕਾਰ ਦੇ ਹੋਰ ਸਰੋਤਾਂ ਰਾਹੀਂ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਵਾਧੂ ਸਰੋਤ ਅਤੇ ਸਹਾਇਕ ਸਾਧਨ
ਆਉਣ ਵਾਲੀਆਂ Medi-Cal ਤਬਦੀਲੀਆਂ ਬਾਰੇ ਜਾਣੂ ਰਹਿਣ ਅਤੇ ਉਨ੍ਹਾਂ ਲਈ ਤਿਆਰੀ ਕਰਨ ਵਿੱਚ ਮਦਦ ਵਾਸਤੇ ਕਾਊਂਟੀ, ਰਾਜ ਅਤੇ ਭਾਈਚਾਰਕ ਭਾਈਵਾਲਾਂ ਤੋਂ ਭਰੋਸੇਯੋਗ ਸਰੋਤਾਂ, ਮਦਦਗਾਰ ਸਾਧਨਾਂ ਅਤੇ ਸਮੱਗਰੀ ਬਾਰੇ ਜਾਣੋ।
ਹੋਰ ਜਾਣੋ